ਧਰਤੀ ਅਤੇ ਇਕ ਦੂਸਰੇ ਦੀ ਦੇਖਭਾਲ ਕਰਨ ਵਾਲੇ ਕੈਨੇਡਾ ਲਈ ਸੱਦਾ
ਅਸੀਂ ਇਹ ਮੰਨ ਕੇ ਗੱਲ ਸ਼ੁਰੂ ਕਰ ਰਹੇ ਹਾਂ ਕਿ ਅਜੋਕੇ ਸਮਿਆਂ ਵਿੱਚ ਕੈਨੇਡਾ ਸਭ ਤੋਂ ਡੂੰਘੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਟਰੁੱਥ ਐਂਡ ਰੀਕਨਸਿਲੀਏਸ਼ਨ ਕਮਿਸ਼ਨ ਨੇ ਕੈਨੇਡਾ ਦੇ ਨੇੜਲੇ ਭੂਤਕਾਲ ਦੀ ਹਿੰਸਾ ਬਾਰੇ ਭਿਅੰਕਰ ਵਿਸਤ੍ਰਿਤ ਤੱਥਾਂ ਨੂੰ ਸਵੀਕਾਰ ਕੀਤਾ ਹੈ। ਵੱਧ ਰਹੀ ਅਥਾਹ ਗਰੀਬੀ ਅਤੇ ਨਾਬਰਾਬਰਤਾ ਦੇਸ਼ ਦੇ ਵਰਤਮਾਨ ‘ਤੇ ਧੱਬਾ ਹਨ। ਅਤੇ ਕਲਾਈਮੇਟ ਚੇਂਜ ਬਾਰੇ ਕੈਨੇਡਾ ਦਾ ਰਿਕਾਰਡ ਮਨੁੱਖਤਾ ਦੇ ਭਵਿੱਖ ਵਿਰੁੱਧ ਇਕ ਜੁਰਮ ਹੈ।
ਇਹ ਤੱਥ ਇਸ ਲਈ ਵੀ ਜ਼ਿਆਦਾ ਸਦਮਾ ਪਹੁੰਚਾਉਣ ਵਾਲੇ ਹਨ ਕਿਉਂਕਿ ਇਹ ਕੈਨੇਡਾ ਦੀਆਂ ਮੁਕੱਰਰ ਕਦਰਾਂ ਕੀਮਤਾਂ –ਮੂਲਵਾਸੀ ਲੋਕਾਂ ਦਾ ਸਤਿਕਾਰ, ਕੌਮਾਂਤਰੀਵਾਦ, ਮਨੁੱਖੀ ਅਧਿਕਾਰ, ਵੰਨ–ਸੁਵੰਨਤਾ ਅਤੇ ਵਾਤਾਵਾਰਨ ਦਾ ਜ਼ਿੰਮੇਵਾਰੀ ਨਾਲ ਪ੍ਰਬੰਧ– ਤੋਂ ਬਹੁਤ ਜ਼ਿਆਦਾ ਦੂਰ ਹਨ।
ਅੱਜ ਕੈਨੇਡਾ ਉਹ ਥਾਂ ਨਹੀਂ ਹੈ – ਜੋ ਇਹ ਹੋ ਸਕਦਾ ਹੈ।
ਅਸੀਂ ਉਸ ਦੇਸ਼ ਵਿੱਚ ਰਹਿ ਸਕਦੇ ਹਾਂ ਜਿਹੜਾ ਸਮੁੱਚੇ ਰੂਪ ਵਿੱਚ ਨਵਿਆਉਣਯੋਗ ਊਰਜਾ (ਐਨਰਜੀ) ਵਰਤਦਾ ਹੋਵੇ, ਇਕ ਦੂਸਰੇ ਨਾਲ ਆਵਾਜਾਈ ਦੇ ਪਹੁੰਚਯੋਗ ਜਨਤਕ ਸਾਧਨਾ (ਪਬਲਿਕ ਟ੍ਰਾਂਜ਼ਿਟ) ਨਾਲ ਜੁੜਿਆ ਹੋਵੇ, ਜਿਸ ਵਿੱਚ ਇਸ ਤਬਦੀਲੀ ਤੋਂ ਪੈਦਾ ਹੋਣ ਵਾਲੀਆਂ ਨੌਕਰੀਆਂ ਅਤੇ ਮੌਕਿਆਂ ਦਾ ਪ੍ਰਬੰਧ ਢਾਂਚਾਗਤ ਢੰਗ ਨਾਲ ਨਸਲੀ ਅਤੇ ਲਿੰਕ ਆਧਾਰਿਤ ਵਿਤਕਰੇ ਨੂੰ ਖਤਮ ਕਰਨ ਲਈ ਕੀਤਾ ਗਿਆ ਹੋਵੇ। ਇਕ ਦੂਸਰੇ ਦੇਖਭਾਲ ਕਰਨਾ ਅਤੇ ਧਰਤੀ ਗ੍ਰਹਿ ਦੀ ਦੇਖਭਾਲ ਕਰਨਾ ਆਰਥਿਕਤਾ ਦੇ ਸਭ ਤੋਂ ਜ਼ਿਆਦਾ ਵਧਣ ਵਾਲੇ ਸੈਕਟਰ ਹੋ ਸਕਦੇ ਹਨ। ਬਹੁਤ ਸਾਰੇ ਹੋਰ ਲੋਕਾਂ ਨੂੰ ਉੱਚੀ ਉਜਰਤ ਅਤੇ ਘੱਟ ਘੰਟਿਆਂ ਵਾਲੀਆਂ ਨੌਕਰੀਆਂ ਮਿਲ ਸਕਦੀਆਂ ਹਨ, ਤਾਂ ਕਿ ਸਾਡੇ ਕੋਲ ਆਪਣੇ ਪਿਆਰਿਆਂ ਦਾ ਸੰਗ ਮਾਣਨ ਅਤੇ ਆਪਣੇ ਭਾਈਚਾਰਿਆਂ ਵਿੱਚ ਖੁਸ਼ਹਾਲ ਹੋਣ ਲਈ ਚੋਖਾ ਸਮਾਂ ਹੋਵੇ।
ਅਸੀਂ ਜਾਣਦੇ ਹਾਂ ਕਿ ਇਸ ਵੱਡੀ ਤਬਦੀਲੀ ਲਈ ਸਮਾਂ ਘੱਟ ਹੈ। ਵਿਗਿਆਨੀਆਂ ਨੇ ਸਾਨੂੰ ਦੱਸਿਆ ਹੈ ਕਿ ਇਹ ਦਹਾਕਾ ਵਿਨਾਸ਼ਕਾਰੀ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਫੈਸਲਾਕੁਨ ਨਿਰਨੇ ਲੈਣ ਦਾ ਸਮਾਂ ਹੈ। ਇਸ ਦਾ ਮਤਲਬ ਹੈ ਕਿ ਹੁਣ ਛੋਟੇ ਛੋਟੇ ਕਦਮ ਸਾਨੂੰ ਉਸ ਥਾਂ ‘ਤੇ ਨਹੀਂ ਪਹੁੰਚਾਉਣਗੇ ਜਿੱਥੇ ਪਹੁੰਚਣ ਦੀ ਸਾਨੂੰ ਲੋੜ ਹੈ।
ਇਸ ਲਈ ਸਾਨੂੰ ਵੱਡੀ ਪੁਲਾਂਘ ਪੁੱਟਣ ਦੀ ਲੋੜ ਹੈ।
ਜ਼ਰੂਰੀ ਹੈ ਕਿ ਇਸ ਪੁਲਾਂਘ ਦੀ ਸ਼ੁਰੂਆਤ ਇਸ ਧਰਤੀ ਦੀ ਸੰਭਾਲ ਕਰਨ ਵਾਲੇ ਅਸਲੀ ਲੋਕਾਂ ਦੇ ਜਨਮਜਾਤ ਹੱਕਾਂ ਅਤੇ ਮਾਲਕੀ ਦੇ ਸਤਿਕਾਰ ਨਾਲ ਹੋਵੇ। ਕੰਟਰੋਲ ਤੋਂ ਬਾਹਰੀ ਸਨਅਤੀ ਸਰਗਰਮੀ ਤੋਂ ਦਰਿਆਵਾਂ, ਤੱਟਾਂ, ਜੰਗਲਾਂ ਅਤੇ ਜ਼ਮੀਨਾਂ ਦਾ ਬਚਾਅ ਕਰਨ ਵਿੱਚ ਮੂਲਵਾਸੀ ਭਾਈਚਾਰੇ ਸਦਾ ਮੂਹਰੀ ਰਹੇ ਹਨ। ਯੂਨਾਈਟਿਡ ਨੇਸ਼ਨ ਡੈਕਲਾਰੇਸ਼ਨ ਆਨ ਦੀ ਰਾਈਟਸ ਆਫ ਇਨਡਿਜ਼ਨਸ ਪੀਪਲਜ਼ ਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਅਸੀਂ ਇਸ ਭੂਮਿਕਾ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਆਪਣੇ ਰਿਸ਼ਤੇ ਨੂੰ ਨਵਿਆ ਸਕਦੇ ਹਾਂ।
ਇਸ ਦੇਸ਼ ਦਾ ਕਾਨੂੰਨੀ ਆਧਾਰ ਬਣਾਉਣ ਵਾਲੀਆਂ ਅਤੇ “ਜਦੋਂ ਤੱਕ ਧੁੱਪ ਚਮਕਦੀ ਰਹੇਗੀ, ਘਾਹ ਵੱਧਦਾ ਰਹੇਗਾ ਅਤੇ ਦਰਿਆ ਵਗਦੇ ਰਹਿਣਗੇ” ਦੇ ਸਮੇਂ ਤੱਕ ਸਾਨੂੰ ਧਰਤੀ ਦੀ ਸਾਂਝੀ ਵਰਤੋਂ ਕਰਨ ਲਈ ਬੰਨਦੀਆਂ ਸੰਧੀਆਂ ਅਨੁਸਾਰ ਚਲਦੇ ਹੋਏ ਅਸੀਂ ਊਰਜਾ (ਐਨਰਜੀ) ਦੇ ਅਜਿਹੇ ਸ੍ਰੋਤ ਚਾਹੁੰਦੇ ਹਾਂ ਜਿਹੜੇ ਸਿਮਰਤੀਆਂ ਤੋਂ ਦੂਰ ਦੇ ਸਮਿਆਂ ਤੱਕ ਕਾਇਮ ਰਹਿਣ ਅਤੇ ਕਦੇ ਵੀ ਖਤਮ ਨਾ ਹੋਣ ਜਾਂ ਧਰਤੀ ਨੂੰ ਜ਼ਹਿਰੀਲਾ ਨਾ ਬਣਾਉਣ। ਤਕਨੌਲੌਜੀ ਦੀਆਂ ਨਵੀਂਆਂ ਲੱਭਤਾਂ ਇਸ ਸੁਫਨੇ ਨੂੰ ਪਹੁੰਚ ਦੇ ਘੇਰੇ ਅੰਦਰ ਲੈ ਆਈਆਂ ਹਨ। ਤਾਜ਼ਾ ਖੋਜ ਦਰਸਾਉਂਦੀ ਹੈ ਕਿ ਦੋ ਦਹਾਕਿਆਂ ਦੇ ਅੰਦਰ ਅੰਦਰ ਕੈਨੇਡਾ ਲਈ ਬਿਜਲੀ ਦੀਆਂ ਆਪਣੀਆਂ 100 ਫੀ ਸਦੀ ਲੋੜਾਂ ਨੂੰ ਨਵਿਆਏ ਜਾ ਸਕਣੇ ਵਾਲੇ ਸ੍ਰੋਤਾਂ ਤੋਂ ਪੂਰਾ ਕਰਨਾ ਮੁਮਕਿਨ ਹੈ; 2050 ਤੱਕ ਅਸੀਂ 100 ਫੀ ਸਦੀ ਸਾਫ ਆਰਥਿਕਤਾ ਸਥਾਪਤ ਕਰ ਸਕਦੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਇਸ ਤਬਦੀਲੀ ਦੀ ਸ਼ੁਰੂਆਤ ਹੁਣੇ ਹੋਵੇ।
ਹੁਣ ਬੁਨਿਆਦੀ ਢਾਂਚੇ (ਇਨਫ੍ਰਾਸਟ੍ਰਕਚਰ) ਦੇ ਅਜਿਹੇ ਪ੍ਰੋਜੈਕਟ ਉਸਾਰਨ ਦਾ ਕੋਈ ਬਹਾਨਾ ਨਹੀਂ ਜਿਹੜੇ ਪ੍ਰੋਜੈਕਟ ਸਾਨੂੰ ਭਵਿੱਖ ਦੇ ਕਈ ਦਹਾਕਿਆਂ ਤੱਕ ਧਰਤੀ ਤੋਂ ਹੋਰ ਜ਼ਿਆਦਾ ਖਣਿਜ ਪਦਾਰਥ ਕੱਢਣ ਦੇ ਕਾਰਜ ਨਾਲ ਬੰਨ ਦੇਣ। ਊਰਜਾ ਦੇ ਵਿਕਾਸ ਦਾ ਨਿਰਵਿਵਾਦ ਅਤੇ ਲਾਜ਼ਮੀ ਕਾਨੂੰਨ ਇਹ ਹੋਣਾ ਚਾਹੀਦਾ ਹੈ: ਜੇ ਤੁਸੀਂ ਇਹ ਨਹੀਂ ਚਾਹੁੰਦੇ ਕਿ ਇਹ ਤੁਹਾਡੇ ਪਿਛਲੇ ਵਿਹੜੇ ਵਿੱਚ ਹੋਵੇ ਤਾਂ ਇਸ ਦੀ ਕਿਸੇ ਦੇ ਵੀ ਵਿਹੜੇ ਵਿੱਚ ਥਾਂ ਨਹੀਂ। ਇਹ ਅੱਗੇ ਦਿੱਤੀਆਂ ਸਾਰੀਆਂ ਚੀਜ਼ਾਂ ‘ਤੇ ਲਾਗੂ ਹੁੰਦਾ ਹੈ: ਗੈਸ ਪਾਈਪਲਾਈਨਾਂ ‘ਤੇ, ਨਿਊ ਬ੍ਰਨਜ਼ਵਿੱਕ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਵਿਚਲੀ ਫਰੈਕਿੰਗ ‘ਤੇ; ਸਾਡੇ ਤੱਟੀ ਪਾਣੀਆਂ ਵਿੱਚ ਟੈਂਕਰਾਂ ਦੀ ਵੱਧ ਆਵਾਜਾਈ ‘ਤੇ; ਅਤੇ ਦੁਨੀਆ ਭਰ ਵਿੱਚ ਕੈਨੇਡੀਅਨ ਕੰਪਨੀਆਂ ਦੇ ਮਾਲਕੀ ਵਾਲੀਆਂ ਖਾਣਾਂ ‘ਤੇ।
ਊਰਜਾ ਲੋਕਤੰਤਰ (ਐਨਰਜੀ ਡੈਮੋਕ੍ਰੇਸੀ) ਦਾ ਸਮਾਂ ਆ ਗਿਆ ਹੈ: ਅਸੀਂ ਆਪਣੇ ਊਰਜਾ ਦੇ ਸ੍ਰੋਤਾਂ ਵਿੱਚ ਤਬਦੀਲੀਆਂ ਕਰਨ ਵਿੱਚ ਹੀ ਵਿਸ਼ਵਾਸ ਨਹੀਂ ਰੱਖਦੇ, ਸਗੋਂ ਇਹ ਵੀ ਵਿਸ਼ਵਾਸ ਰੱਖਦੇ ਹਾਂ ਕਿ ਜਿੱਥੇ ਸੰਭਵ ਹੋਵੇ ਉੱਥੇ ਇਹ ਨਵੇਂ ਊਰਜਾ ਪ੍ਰਬੰਧ (ਐਨਰਜੀ ਸਿਸਟਮ) ਭਾਈਚਾਰਿਆਂ ਦੇ ਕੰਟਰੋਲ ਹੇਠ ਹੋਣੇ ਚਾਹੀਦੇ ਹਨ। ਮੁਨਾਫਿਆਂ ਦੀ ਲੁੱਟ ਕਰ ਰਹੀਆਂ ਪ੍ਰਾਈਵੇਟ ਕੰਪਨੀਆਂ ਅਤੇ ਸਰਕਾਰ ਦੀ ਮਾਲਕੀ ਵਾਲੀਆਂ ਕੇਂਦਰਿਤ ਕੰਪਨੀਆਂ ਦੀ ਅਫਸਰਸ਼ਾਹੀ ਦੇ ਕੰਟਰੋਲ ਦੀ ਥਾਂ ਅਸੀਂ ਲੋਕਤੰਤਰੀ ਢੰਗ ਨਾਲ ਚੱਲਣ ਵਾਲੇ, ਗੁਜ਼ਾਰੇਯੋਗ ਤਨਖਾਹਾਂ ਦੇਣ ਵਾਲੇ ਅਤੇ ਅਤਿ ਲੋੜੀਂਦੀ ਆਮਦਨ ਭਾਈਚਾਰਿਆਂ ਵਿੱਚ ਰੱਖਣ ਵਾਲੇ ਮਾਲਕੀ ਦੇ ਨਵੇਂ ਪ੍ਰਬੰਧ ਪੈਦਾ ਕਰ ਸਕਦੇ ਹਾਂ। ਅਤੇ ਸਭ ਤੋਂ ਪਹਿਲਾਂ ਮੂਲਵਾਸੀ ਲੋਕਾਂ ਨੂੰ ਉਹਨਾਂ ਦੇ ਸਵੱਛ ਊਰਜਾ ਪ੍ਰੋਜੈਕਟਾਂ (ਕਲੀਨ ਐਨਰਜੀ ਪ੍ਰੋਜੈਕਟਸ) ਲਈ ਸਰਕਾਰੀ ਸਹਾਇਤਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਸਹਾਇਤਾ ਉਹਨਾਂ ਭਾਈਚਾਰਿਆਂ ਨੂੰ ਮਿਲਣੀ ਚਾਹੀਦੀ ਹੈ ਜਿਹੜੇ ਭਾਈਚਾਰੇ ਇਸ ਸਮੇਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤੀ ਸਰਗਰਮੀਆਂ ਕਾਰਨ ਸਿਹਤ ‘ਤੇ ਪੈਣ ਵਾਲੇ ਗੰਭੀਰ ਅਸਰਾਂ ਨਾਲ ਨਜਿੱਠ ਰਹੇ ਹਨ।
ਇਸ ਢੰਗ ਨਾਲ ਪੈਦਾ ਕੀਤੀ ਗਈ ਬਿਜਲੀ ਨਾ ਸਿਰਫ ਸਾਡੇ ਘਰਾਂ ਨੂੰ ਰੋਸ਼ਨ ਕਰੇਗੀ ਸਗੋਂ ਦੌਲਤ ਦੀ ਦੁਬਾਰਾ ਵੰਡ ਕਰੇਗੀ, ਸਾਡੇ ਲੋਕਤੰਤਰ (ਡੈਮੋਕਰੇਸੀ) ਨੂੰ ਹੋਰ ਡੂੰਘਾ ਕਰੇਗੀ, ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰੇਗੀ ਅਤੇ ਇਸ ਦੇਸ਼ ਦੀ ਸਥਾਪਨਾ ਸਮੇਂ ਤੋਂ ਲੱਗੇ ਹੋਏ ਜ਼ਖਮਾਂ ਨੂੰ ਭਰਨਾ ਕਰਨਾ ਸ਼ੁਰੂ ਕਰੇਗੀ।
ਪ੍ਰਦੂਸ਼ਨ ਰਹਿਤ ਆਰਥਿਕਤਾ ਵੱਲ ਪੁੱਟੀ ਗਈ ਪੁਲਾਂਘ ਇਸ ਤਰ੍ਹਾਂ ਦੀਆਂ ਕਈ “ਜਿੱਤਾਂ” ਲਈ ਅਣਗਿਣਤ ਰਾਹ ਖੋਲ੍ਹੇਗੀ। ਅਸੀਂ ਊਰਜਾ (ਐਨਰਜੀ) ਦੀ ਕਾਰਗਰ ਵਰਤੋਂ ਕਰਨ ਵਾਲੇ ਨਵੇਂ ਘਰਾਂ ਨੂੰ ਉਸਾਰਨ ਅਤੇ ਮੌਜੂਦਾ ਘਰਾਂ ਵਿੱਚ ਸੁਧਾਰ ਕਰਨ ਵਾਲਾ ਸਰਵਵਿਆਪਕ (ਯੂਨੀਵਰਸਲ) ਪ੍ਰੋਗਰਾਮ ਚਾਹੁੰਦੇ ਹਾਂ; ਇਹ ਯਕੀਨੀ ਬਣਾਉਂਦੇ ਹੋਏ ਕਿ ਇਸ ਤੋਂ ਸਭ ਤੋਂ ਪਹਿਲਾਂ ਘੱਟ ਗਿਣਤੀ ਭਾਈਚਾਰਿਆਂ ਅਤੇ ਗਵਾਂਢਾਂ ਨੂੰ ਫਾਇਦਾ ਪਹੁੰਚੇ ਅਤੇ ਉਹਨਾਂ ਨੂੰ ਨੌਕਰੀ ਲਈ ਸਿਖਲਾਈ ਅਤੇ ਭਵਿੱਖ ਵਿੱਚ ਗਰੀਬੀ ਘਟਾਉਣ ਲਈ ਮੌਕੇ ਮਿਲਣ। ਮਾਲਕਾਂ ਲਈ ਮਜ਼ਦੂਰ ਯੂਨੀਅਨਾਂ ਦੀ ਰਾਹਨੁਮਾਈ ਅਧੀਨ ਕੰਮ ਦੀਆਂ ਥਾਂਵਾਂ ‘ਤੇ ਇਮੀਸ਼ਨ (ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਪਦਾਰਥਾਂ ਦਾ ਨਿਕਾਸ) ਘਟਾਉਣਾ ਕਾਨੂੰਨੀ ਤੌਰ ‘ਤੇ ਲਾਜ਼ਮੀ ਹੋਵੇ। ਹੋਰ ਜ਼ਿਆਦਾ ਕਾਰਾਂ, ਪਾਈਪਲਾਈਨਾਂ ਅਤੇ ਸਾਡੇ ਲਈ ਖਤਰਾ ਬਣਨ ਵਾਲੀਆਂ ਅਤੇ ਸਾਨੂੰ ਵੰਡਣ ਵਾਲੀਆਂ ਵਿਸਫੋਟਯੋਗ ਗੱਡੀਆਂ (ਟ੍ਰੇਨਾਂ) ਦੀ ਥਾਂ ਸਿਰਫ ਨਵਿਆਉਣਯੋਗ ਊਰਜਾਂ ਸ੍ਰੋਤਾਂ ਨਾਲ ਚੱਲਣ ਵਾਲੀ ਤੇਜ਼ ਰਫਤਾਰ ਰੇਲ ਅਤੇ ਆਵਾਜਾਈ ਦਾ ਪੁੱਜਤਯੋਗ (ਅਫੋਰਡੇਬਲ) ਜਨਤਕ ਪ੍ਰਬੰਧ (ਪਬਲਿਕ ਟ੍ਰਾਂਜ਼ਿਟ) ਇਸ ਮੁਲਕ ਦੇ ਹਰ ਇਕ ਸ਼ਹਿਰ ਨੂੰ ਜੋੜ ਸਕਦਾ ਹੈ।
ਅਤੇ ਜਦੋਂ ਅਸੀਂ ਜਾਣਦੇ ਹਾਂ ਕਿ ਇਹ ਪੁਲਾਂਘ ਲੇਟ ਪੁੱਟੀ ਜਾ ਰਹੀ ਹੈ, ਸਾਨੂੰ ਆਪਣੇ ਸੜ੍ਹ–ਗਲ ਰਹੇ ਜਨਤਕ ਬੁਨਿਆਦੀ ਢਾਂਚੇ (ਪਬਲਿਕ ਇਨਫ੍ਰਾਸਟ੍ਰਕਚਰ) ਵਿੱਚ ਹੋਰ ਪੂੰਜੀ ਲਾਉਣ ਦੀ ਲੋੜ ਹੈ ਤਾਂਕਿ ਇਹ ਅਤਿ ਦੇ ਮੌਸਮ ਦੀਆਂ ਵਾਰ ਵਾਰ ਵਾਪਰਨ ਵਾਲੀਆਂ ਹਾਲਤਾਂ ਦਾ ਮੁਕਾਬਲਾ ਕਰ ਸਕੇ।
ਹੋਰ ਜ਼ਿਆਦਾ ਸਥਾਨਕ ਅਤੇ ਵਾਤਾਵਰਨ–ਆਧਾਰਤ (ਇਕਲੌਜੀਕਲ–ਬੇਸਿਡ) ਖੇਤੀਬਾੜੀ ਪ੍ਰਬੰਧ ਨੂੰ ਅਪਨਾਉਣ ਨਾਲ ਕੈਨੇਡਾ ਵਿੱਚ ਹਰ ਇਕ ਲਈ ਸਿਹਤਮੰਦ ਅਤੇ ਪੁੱਜਤਯੋਗ (ਅਫੌਰਡੇਬਲ) ਖਾਣਾ ਪੈਦਾ ਕਰਨ ਦੇ ਨਾਲ ਨਾਲ ਕੋਲੇ, ਤੇਲ ਅਤੇ ਗੈਸ ਆਧਾਰਿਤ ਬਾਲਣਾਂ (ਫੌਸਿਲ ਫਿਊਲਜ਼) ‘ਤੇ ਨਿਰਭਰਤਾ ਘਟੇਗੀ, ਕਾਰਬਨ ਨੂੰ ਧਰਤੀ ਵਿੱਚ ਹੀ ਪਕੜਿਆ ਜਾ ਸਕੇਗਾ ਅਤੇ ਗਲੋਬਲ ਸਪਲਾਈ ਵਿੱਚ ਅਚਾਨਕ ਪੈਦਾ ਹੋਣ ਵਾਲੀਆਂ ਗੜਬੜਾਂ ਤੋਂ ਰਾਹਤ ਮਿਲੇਗੀ।
ਅਸੀਂ ਕਾਰਪੋਰੇਸ਼ਨਾਂ ਨੂੰ ਸਾਡੇ ਵਲੋਂ ਸਥਾਨਕ ਆਰਥਿਕਤਾਵਾਂ ਕਾਇਮ ਕਰਨ ਦੇ ਕਾਰਜ ਵਿੱਚ ਦਖਲ ਦੇਣ ਦਾ ਇਖ਼ਿਤਿਆਰ ਦੇਣ ਵਾਲੇ ਸਾਰੇ ਵਪਾਰਕ ਸਮਝੌਤੇ ਰੱਦ ਕਰਨ, ਕਾਰਪੋਰੇਸ਼ਨਾਂ ਨੂੰ ਕੰਟਰੋਲ ਕਰਨ ਅਤੇ ਖਣਿਜ ਪਦਾਰਥਾਂ ਨੂੰ ਕੱਢਣ ਵਾਲੇ ਨੁਕਸਾਨਦਾਇਕ ਪ੍ਰੋਜੈਕਟ ਬੰਦ ਕਰਨ ਦੀ ਮੰਗ ਕਰਦੇ ਹਾਂ। ਇਨਸਾਫ ਦੇ ਤਰਾਜੂ ਦੇ ਪਲੜਿਆਂ ਨੂੰ ਦੁਬਾਰਾ ਸੰਤੁਲਨ ਕਰਨ ਲਈ ਸਾਨੂੰ ਸਾਰੇ ਕਾਮਿਆਂ ਲਈ ਇੰਮੀਗ੍ਰੇਸ਼ਨ ਦਾ ਦਰਜਾ ਅਤੇ ਸਾਰੇ ਕਾਮਿਆਂ ਲਈ ਪੂਰੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
ਆਰਥਿਕਤਾ ਨੂੰ ਧਰਤੀ ਦੀਆਂ ਸੀਮਾਂਵਾਂ ਦੇ ਅਨੁਸਾਰ ਢਾਲਣ ਲਈ ਦਾ ਮਤਲਬ ਆਰਥਿਕਤਾ ਦੇ ਉਹਨਾਂ ਸੈਕਟਰਾਂ ਨੂੰ ਬੜਾਵਾ ਦੇਣਾ ਵੀ ਹੈ ਜਿਹੜੇ ਪਹਿਲਾਂ ਹੀ ਘੱਟ ਕਾਰਬਨ ਪੈਦਾ ਕਰਦੇ ਹਨ ਜਿਵੇਂ ਦੇਖਭਾਲ (ਕੇਅਰਗਿਵਿੰਗ), ਵਿਦਿਆ, ਸੋਸ਼ਲ ਵਰਕ, ਕਲਾਵਾਂ ਅਤੇ ਜਨਤਕ ਹਿੱਤਾਂ ਵਾਲਾ ਮੀਡੀਆ। ਕਿਊਬਿਕ ਦੀ ਮਿਸਾਲ ‘ਤੇ ਚੱਲਦਿਆਂ ਨੈਸ਼ਨਲ ਪੱਧਰ ਦੇ ਚਾਈਲਡ ਕੇਅਰ ਪ੍ਰੋਗਰਾਮ ਦੀ ਲੰਮੇ ਸਮੇਂ ਤੋਂ ਲੋੜ ਹੈ। ਇਹ ਸਾਰਾ ਕੰਮ, ਜਿਸ ਵਿੱਚੋਂ ਬਹੁਤਾ ਔਰਤਾਂ ਵਲੋ ਕੀਤਾ ਜਾਂਦਾ ਹੈ, ਇਕ ਅਜਿਹਾ ਗੂੰਦ ਹੈ ਜਿਹੜਾ ਦਿਆਲੂ ਅਤੇ ਲਚਕੀਲੇ ਭਾਈਚਾਰੇ ਉਸਾਰਦਾ ਹੈ – ਅਤੇ ਆਉਣ ਵਾਲੇ ਕਰੜੇ ਭਵਿੱਖ ਨੂੰ ਦੇਖਦਿਆਂ ਸਾਨੂੰ ਵੱਧ ਤੋਂ ਵੱਧ ਮਜ਼ਬੂਤ ਭਾਈਚਾਰਿਆਂ ਦੀ ਲੋੜ ਪਵੇਗੀ।
ਇਸ ਸਮੇਂ ਕਿਉਂਕਿ ਦੇਖਭਾਲ– ਲੋਕਾਂ ਦੀ ਜਾਂ ਧਰਤੀ ਦੀ– ਵਿੱਚ ਲੱਗਣ ਵਾਲੀ ਬਹੁਤ ਜ਼ਿਆਦਾ ਕਿਰਤ ਦੀ ਉਜਰਤ ਨਹੀਂ ਦਿੱਤੀ ਜਾਂਦੀ, ਇਸ ਲਈ ਅਸੀਂ ਯੂਨੀਵਰਸਲ ਬੇਸਿਕ ਐਨੂਅਲ ਇਨਕਮ (ਸਰਵ ਵਿਆਪੀ ਮੁਢਲੀ ਸਾਲਾਨਾ ਆਮਦਨ) ਲਈ ਜ਼ੋਰਦਾਰ ਵਿਚਾਰ ਵਟਾਂਦਰੇ ਦੀ ਮੰਗ ਕਰਦੇ ਹਾਂ। 1970ਵਿਆਂ ਵਿੱਚ ਮੈਨੀਟੋਬਾ ਵਿੱਚ ਸ਼ੁਰੂ ਹੋਇਆ ਸੁਰੱਖਿਆ ਦਾ ਇਹ ਮਜ਼ਬੂਤ ਪ੍ਰਬੰਧ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਕਿਸੇ ਨੂੰ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਕੋਈ ਅਜਿਹਾ ਕੰਮ ਕਰਨ ਲਈ ਮਜਬੂਰ ਨਾ ਹੋਣਾ ਪਵੇ ਜਿਹੜਾ ਕੰਮ ਉਸ ਦੇ ਬੱਚਿਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਂਦਾ ਹੈ।
ਅਸੀਂ ਐਲਾਨ ਕਰਦੇ ਹਾਂ ਕਿ ਵਿਦਿਆ ਅਤੇ ਸਿਹਤ ਸੰਭਾਲ ਵਰਗੇ ਘੱਟ ਕਾਰਬਨ ਪੈਦਾ ਕਰਨ ਵਾਲੇ ਸੈਕਟਰਾਂ ‘ਤੇ ਯੋਜਨਾਬੱਧ ਢੰਗ ਨਾਲ ਹਮਲਾ ਕਰਨ ਵਾਲੀ “ਆਸਟੈਰਟੀ” ਸੋਚਣੀ ਦਾ ਪੱਥਰਾਇਆ ਹੋਇਆ (ਫੌਸੀਲਾਈਜ਼ਡ) ਰੂਪ ਹੈ ਜਿਹੜੀ ਧਰਤੀ ਉੱਪਰਲੀ ਜ਼ਿੰਦਗੀ ਲਈ ਖਤਰਾ ਬਣ ਗਈ ਹੈ। ਇਸ ਵੱਡੀ ਤਬਦੀਲੀ ਲਈ ਲੋੜੀਂਦੇ ਪੈਸੇ ਮੌਜੂਦ ਹਨ – ਜਿਹਨਾਂ ਨੂੰ ਅਜ਼ਾਦ ਕਰਨ ਲਈ ਸਾਨੂੰ ਸਿਰਫ ਸਹੀ ਨੀਤੀਆਂ ਦੀ ਲੋੜ ਹੈ। ਜਿਵੇਂ ਕਿ ਕੋਲੇ, ਤੇਲ ਅਤੇ ਗੈਸ ਆਧਾਰਿਤ ਬਾਲਣਾਂ (ਫੌਸਿਲ ਫਿਊਲਜ਼) ਲਈ ਸਬਸਡੀਆਂ ਬੰਦ ਕਰਨਾ। ਵਿੱਤੀ ਤਬਦਾਲਿਆਂ (ਫਾਈਨੈਂਸ਼ਿਅਲ ਟ੍ਰਾਂਜ਼ੈਕਸ਼ਨਜ਼) ‘ਤੇ ਟੈਕਸ ਲਾਉਣਾ। ਵਸੀਲੀਆਂ ਤੋਂ ਵੱਧ ਰੌਇਲਟੀ। ਕਾਰਪੋਰੇਸ਼ਨਾਂ ਅਤੇ ਅਮੀਰ ਲੋਕਾਂ ‘ਤੇ ਜ਼ਿਆਦਾ ਇਨਕਮ ਟੈਕਸ। ਪ੍ਰੌਗਰੈਸਿਵ ਕਾਰਬਨ ਟੈਕਸ। ਫੌਜ ਦੇ ਖਰਚਿਆਂ ਵਿੱਚ ਕਟੌਤੀਆਂ। ਇਹ ਸਾਰੀਆਂ ਚੀਜ਼ਾਂ “ਪ੍ਰਦੂਸ਼ਤ ਕਰਨ ਵਾਲਾ ਖਰਚਾ ਦੇਵੇ“ ਦੇ ਸਰਲ ਅਸੂਲ ‘ਤੇ ਆਧਾਰਿਤ ਹਨ ਅਤੇ ਇਹਨਾਂ ਤੋਂ ਵੱਡੀਆਂ ਉਮੀਦਾਂ ਹਨ।
ਇਕ ਗੱਲ ਸਾਫ ਹੈ: ਬੇਸ਼ੁਮਾਰ ਨਿੱਜੀ ਦੌਲਤ ਦੇ ਸਮਿਆਂ ਵਿੱਚ ਜਨਤਕ ਥੁੜ ਦਾ ਹੋਣਾ ਇਕ ਪੈਦਾ ਕੀਤਾ ਗਿਆ ਸੰਕਟ ਹੈ ਜਿਸ ਨੂੰ ਸਾਡੇ ਸੁਫਨਿਆਂ ਨੂੰ ਜੰਮਣ ਤੋਂ ਪਹਿਲਾਂ ਹੀ ਕਤਲ ਕਰ ਦੇਣ ਲਈ ਘੜਿਆ ਗਿਆ ਹੈ।
ਉਹ ਸੁਫਨੇ ਇਸ ਦਸਤਾਵੇਜ਼ ਤੋਂ ਪਾਰ ਜਾਂਦੇ ਹਨ। ਅਸੀਂ ਸਾਰੇ ਦੇਸ਼ ਭਰ ਵਿੱਚ ਟਾਊਨ ਹਾਲ ਮੀਟਿੰਗਾਂ ਦਾ ਸੱਦਾ ਦਿੰਦੇ ਹਾਂ ਜਿੱਥੇ ਨਿਵਾਸੀ ਇਕੱਠੇ ਹੋ ਕੇ ਲੋਕਤੰਤਰਿਕ ਢੰਗ ਨਾਲ ਇਹ ਪ੍ਰੀਭਾਸ਼ਤ ਕਰ ਸਕਣ ਕਿ ਉਹਨਾਂ ਦੇ ਭਾਈਚਾਰਿਆਂ ਵਿੱਚ ਅਗਲੀ ਆਰਥਿਕਤਾ ਵੱਲ ਪੁੱਟੀ ਪੁਲਾਂਘ ਦਾ ਕੀ ਮਤਲਬ ਹੈ।
ਲਾਜ਼ਮੀ ਹੀ, ਹੇਠਾਂ ਤੋਂ ਉੱਪਰ ਵੱਲ ਨੂੰ ਉੱਠੀ ਇਹ ਪੁਨਰ–ਜਾਗ੍ਰਿਤੀ ਸਰਕਾਰ ਦੇ ਹਰ ਪੱਧਰ ‘ਤੇ ਲੋਕਤੰਤਰ ਦੀ ਕਾਇਆ ਪਲਟ ਕਰੇਗੀ ਅਤੇ ਤੇਜ਼ੀ ਨਾਲ ਅਜਿਹੇ ਪ੍ਰਬੰਧ ਲਈ ਲਈ ਕੰਮ ਕਰੇਗੀ ਜਿਸ ਵਿੱਚ ਹਰ ਵੋਟ ਦੀ ਕੀਮਤ ਹੋਵੇ ਅਤੇ ਸਿਆਸੀ ਮੁਹਿੰਮਾਂ ਵਿੱਚ ਕਾਰਪੋਰੇਸ਼ਨਾਂ ਦੇ ਪੈਸੇ ਦਾ ਖਾਤਮਾ ਹੋਵੇ।
ਇਕ ਹੀ ਵੇਲੇ ਇਹ ਸਾਰਾ ਕੁਝ ਕਰਨਾ ਜ਼ਿਆਦਾ ਲੱਗ ਸਕਦਾ ਹੈ, ਪਰ ਅਸੀਂ ਅਜਿਹੇ ਹੀ ਸਮਿਆਂ ਵਿੱਚ ਜੀਅ ਰਹੇ ਹਾਂ।
ਮੌਜੂਦਾ ਸਮੇਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਆਈ ਕਮੀ ਨੇ ਕੋਲੇ, ਤੇਲ ਅਤੇ ਗੈਸ ਆਧਾਰਤਿ ਬਾਲਣਾਂ (ਫੌਸਿਲ ਫਿਊਲਜ਼) ਨੂੰ ਉਸ ਤੇਜ਼ੀ ਨਾਲ ਕੱਢਣ ਦੇ ਦਬਾਅ ਨੂੰ ਆਰਜ਼ੀ ਤੌਰ ਘਟਾਇਆ ਹੈ ਜਿੰਨੀ ਤੇਜ਼ੀ ਨਾਲ ਇਹ ਵੱਧ ਖਤਰੇ ਵਾਲੀਆਂ ਨਵੀਂਆਂ ਤਕਨੌਲੌਜੀਆਂ ਨਾਲ ਕੱਢੇ ਜਾ ਸਕਦੇ ਹਨ। ਬੇਲਗਾਮ ਵਾਧੇ ਵਿੱਚ ਆਏ ਇਸ ਠਹਿਰਾਅ ਨੂੰ ਇਕ ਸੰਕਟ ਵਜੋਂ ਨਹੀਂ ਸਗੋਂ ਇਕ ਸੁਗਾਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਨੇ ਕੈਨੇਡਾ ਦੇ ਲੋਕਾਂ ਨੂੰ ਇਹ ਦੇਖਣ ਦਾ ਇਕ ਦੁਰਲੱਭ ਮੌਕਾ ਦਿੱਤਾ ਹੈ ਕਿ ਅਸੀਂ ਕੀ ਬਣ ਗਏ ਹਾਂ। ਇਸ ਦੇ ਨਾਲ ਹੀ ਬਦਲਣ ਬਾਰੇ ਫੈਸਲਾ ਕਰਨ ਦਾ ਵੀ ਮੌਕਾ ਦਿੱਤਾ ਹੈ।
ਇਸ ਲਈ ਅਸੀਂ ਚੋਣਾਂ ਵਿੱਚ ਹਿੱਸਾ ਲੈ ਰਹੇ ਸਾਰੇ ਲੋਕਾਂ ਨੂੰ ਇਸ ਮੌਕੇ ਦਾ ਫਾਇਦਾ ਲੈਣ ਅਤੇ ਤਬਦੀਲੀ ਲਈ ਅਤਿ ਜ਼ਰੂਰੀ ਲੋੜ ਨੂੰ ਕਲਾਵੇ ਵਿੱਚ ਲੈਣ ਦਾ ਸੱਦਾ ਦਿੰਦੇ ਹਾਂ। ਉਹਨਾਂ ਲੋਕਾਂ ਦੇ ਸੰਬੰਧ ਵਿੱਚ ਜਿਸ ਨੂੰ ਇਸ ਦੇਸ਼ ਨੇ ਭੂਤਕਾਲ ਵਿੱਚ ਨੁਕਸਾਨ ਪਹੁੰਚਾਇਆ ਹੈ, ਉਹਨਾਂ ਲੋਕਾਂ ਦੇ ਸੰਬੰਧ ਵਿੱਚ ਜਿਹੜੇ ਵਰਤਮਾਨ ਵਿੱਚ ਵਿਅਰਥ ਦੁੱਖ ਭੋਗ ਰਹੇ ਹਨ ਅਤੇ ਉਹਨਾਂ ਸਾਰੇ ਲੋਕਾਂ ਦੇ ਸੰਬੰਧ ਵਿੱਚ ਜਿਹਨਾਂ ਦਾ ਰੌਸ਼ਨ ਅਤੇ ਸੁਰੱਖਿਅਤ ਭਵਿੱਖ ‘ਤੇ ਅਧਿਕਾਰ ਹੈ, ਇਹ ਸਾਡਾ ਪਵਿੱਤਰ ਫਰਜ਼ ਹੈ।
ਹੁਣ ਬਹਾਦਰੀ ਦਾ ਸਮਾਂ ਹੈ।
ਹੁਣ ਵੱਡੀ ਪੁਲਾਂਘ ਪੁੱਟਣ ਦਾ ਸਮਾਂ ਹੈ।
ਵੱਡੀ ਪੁਲਾਂਘ ਦੇ ਐਲਾਨਨਾਮੇ ਨੂੰ ਲਿਖਣ ਦੀ ਸ਼ੁਰੂਆਤ 2015 ਦੀ ਬਸੰਤ ਰੁੱਤ ਵਿੱਚ ਟਰਾਂਟੋ ਵਿੱਚ ਹੋਈ ਇਕ ਮੀਟਿੰਗ ਵਿੱਚ ਹੋਈ ਜਿਸ ਵਿੱਚ ਕੈਨੇਡਾ ਦੇ ਮੂਲਵਾਸੀ ਲੋਕਾਂ ਦੇ ਹੱਕਾਂ ਲਈ, ਸਮਾਜਕ ਅਤੇ ਖੁਰਾਕੀ ਇਨਸਾਫ ਲਈ, ਵਾਤਾਵਰਨ ਲਈ, ਵਿਸ਼ਵਾਸ ਆਧਾਰਤਿ ਅਤੇ ਮਜ਼ਦੂਰ ਲੋਕਾਂ ਲਈ ਚੱਲਦੀਆਂ ਲਹਿਰਾਂ ਨਾਲ ਸੰਬੰਧਤ ਨੁਮਾਇੰਦੇ ਸ਼ਾਮਲ ਹੋਏ।